1
ਜਦ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ ?
2
ਫਿਰ ਉਸ ਨੇ ਆਖਿਆ, ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ । ਇਸ ਲਈ ਤੁਸੀਂ ਉੱਥੇ ਜਾਓ ਅਤੇ ਸਾਡੇ ਲਈ ਅੰਨ ਖਰੀਦ ਕੇ ਲੈ ਆਓ, ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ ।
3
ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਖ਼ਰੀਦਣ ਲਈ ਗਏ ।
4
ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਸ ਦੇ ਭਰਾਵਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਸ ਨੇ ਆਖਿਆ ਕਿ ਕਿਤੇ ਉਸ ਦੇ ਉੱਤੇ ਕੋਈ ਬਿਪਤਾ ਨਾ ਆ ਪਵੇ ।
5
ਇਸ ਤਰ੍ਹਾਂ ਜੋ ਲੋਕ ਅੰਨ ਖ਼ਰੀਦਣ ਲਈ ਆਏ ਸਨ, ਉਨ੍ਹਾਂ ਦੇ ਨਾਲ ਇਸਰਾਏਲ ਦੇ ਪੁੱਤਰ ਵੀ ਆਏ ਕਿਉਂਕਿ ਕਨਾਨ ਦੇਸ਼ ਵਿੱਚ ਭਾਰੀ ਕਾਲ ਸੀ ।
6
ਯੂਸੁਫ਼ ਉਸ ਦੇਸ਼ ਉੱਤੇ ਹਾਕਮ ਸੀ ਅਤੇ ਉਸ ਦੇਸ਼ ਦੇ ਸਾਰੇ ਲੋਕਾਂ ਨੂੰ ਉਹੀ ਅੰਨ ਵੇਚਦਾ ਸੀ, ਇਸ ਲਈ ਜਦ ਯੂਸੁਫ਼ ਦੇ ਭਰਾ ਆਏ ਤਦ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਦੇ ਅੱਗੇ ਝੁਕੇ ।
7
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਪਹਿਚਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੱਗੇ ਅਜਨਬੀ ਬਣਾਇਆ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਬੋਲਿਆ ਅਤੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਕਿੱਥੋਂ ਆਏ ਹੋ ? ਤਾਂ ਉਨ੍ਹਾਂ ਨੇ ਆਖਿਆ, ਅਸੀਂ ਕਨਾਨ ਦੇਸ਼ ਤੋਂ ਅੰਨ ਮੁੱਲ ਲੈਣ ਲਈ ਆਏ ਹਾਂ ।
8
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਹਿਚਾਣ ਲਿਆ, ਪਰ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ ।
9
ਤਦ ਯੂਸੁਫ਼ ਨੂੰ ਉਹ ਸੁਫ਼ਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ, ਯਾਦ ਆਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਲਈ ਆਏ ਹੋ ।
10
ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸਵਾਮੀ ਜੀ, ਤੁਹਾਡੇ ਦਾਸ ਅੰਨ ਮੁੱਲ ਲੈਣ ਆਏ ਹਾਂ ।
11
ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਅਤੇ ਅਸੀਂ ਇਮਾਨਦਾਰ ਹਾਂ । ਅਸੀਂ ਤੁਹਾਡੇ ਦਾਸ ਜਸੂਸ ਨਹੀਂ ਹਾਂ ।
12
ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਨਹੀਂ, ਸਗੋਂ ਤੁਸੀਂ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ ।
13
ਉਨ੍ਹਾਂ ਨੇ ਆਖਿਆ, ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ ਅਤੇ ਵੇਖੋ, ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਤੇ ਇੱਕ ਨਹੀਂ ਰਿਹਾ ।
14
ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਤਾਂ ਉਹੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਜਸੂਸ ਹੋ ।
15
ਇਸੇ ਗੱਲ ਤੋਂ ਤੁਸੀਂ ਪਰਖੇ ਜਾਓਗੇ, ਫ਼ਿਰਊਨ ਦੀ ਜਾਨ ਦੀ ਸਹੁੰ ਜਦ ਤੱਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਹੀਂ ਜਾ ਸਕਦੇ ।
16
ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ ਦੀ ਜਾਨ ਦੀ ਸਹੁੰ ਤੁਸੀਂ ਜ਼ਰੂਰ ਜਸੂਸ ਹੋ ।
17
ਉਸ ਨੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਇਕੱਠੇ ਕੈਦ ਵਿੱਚ ਬੰਦ ਰੱਖਿਆ ।
18
ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਅਜਿਹਾ ਕਰੋ ਤਾਂ ਜੀਉਂਦੇ ਰਹੋਗੇ, ਕਿਉਂ ਜੋ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ।
19
ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਅਤੇ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈ ਕੇ ਚਲੇ ਜਾਓ ।
20
ਆਪਣੇ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਓ, ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਤੇ ਤੁਸੀਂ ਨਾ ਮਰੋ ਤਾਂ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ।
21
ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਜ਼ਰੂਰ ਹੀ ਅਸੀਂ ਆਪਣੇ ਭਰਾ ਦੇ ਕਾਰਨ ਦੋਸ਼ੀ ਹਾਂ ਕਿਉਂਕਿ ਜਦ ਅਸੀਂ ਉਸ ਦੀ ਜਾਨ ਨੂੰ ਕਸ਼ਟ ਵਿੱਚ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸੀਂ ਉਸ ਦੀ ਨਾ ਸੁਣੀ । ਇਸੇ ਕਰਕੇ ਇਹ ਬਿਪਤਾ ਸਾਡੇ ਉੱਤੇ ਆਈ ਹੈ ।
22
ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਇਸ ਮੁੰਡੇ ਨਾਲ ਪਾਪ ਨਾ ਕਰੋ ? ਪਰ ਤੁਸੀਂ ਮੇਰੀ ਨਾ ਸੁਣੀ ਅਤੇ ਵੇਖੋ, ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ ।
23
ਉਹ ਨਹੀਂ ਜਾਣਦੇ ਸਨ ਕਿ ਯੂਸੁਫ਼ ਉਨ੍ਹਾਂ ਦੀ ਭਾਸ਼ਾ ਸਮਝਦਾ ਹੈ ਕਿਉਂ ਜੋ ਉਨ੍ਹਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ ।
24
ਤਦ ਉਹ ਉਨ੍ਹਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਅਤੇ ਫੇਰ ਉਨ੍ਹਾਂ ਕੋਲ ਮੁੜ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਸ਼ਿਮਓਨ ਨੂੰ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਦੀ ਬਣਾ ਲਿਆ ।