1
ਪੂਰੇ ਦੋ ਸਾਲਾਂ ਦੇ ਅੰਤ ਵਿੱਚ ਫ਼ਿਰਊਨ ਨੇ ਇੱਕ ਸੁਫ਼ਨਾ ਵੇਖਿਆ ਕਿ ਉਹ ਨੀਲ ਨਦੀ ਕੋਲ ਖੜ੍ਹਾ ਸੀ,
2
ਅਤੇ ਵੇਖੋ ਨਦੀ ਵਿੱਚੋਂ ਸੱਤ ਗਾਈਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ, ਨਿੱਕਲੀਆਂ ਅਤੇ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ ।
3
ਅਤੇ ਵੇਖੋ, ਉਨ੍ਹਾਂ ਤੋਂ ਬਾਅਦ ਸੱਤ ਗਾਈਆਂ ਹੋਰ ਜਿਹੜੀਆਂ ਕਰੂਪ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨਦੀ ਵਿੱਚੋਂ ਨਿੱਕਲੀਆਂ ਅਤੇ ਨਦੀ ਦੇ ਕੰਢੇ ਉੱਤੇ ਦੂਸਰੀਆਂ ਗਾਈਆਂ ਕੋਲ ਖੜ੍ਹੀਆਂ ਹੋ ਗਈਆਂ ।
4
ਤਦ ਕਰੂਪ ਅਤੇ ਲਿੱਸੀਆਂ ਗਾਈਆਂ ਨੇ ਉਨ੍ਹਾਂ ਸੱਤਾਂ ਸੋਹਣੀਆਂ ਅਤੇ ਮੋਟੀਆਂ ਗਾਈਆਂ ਨੂੰ ਨਿਗਲ ਲਿਆ, ਤਦ ਫ਼ਿਰਊਨ ਜਾਗ ਉੱਠਿਆ ।
5
ਉਹ ਫੇਰ ਸੌਂ ਗਿਆ ਅਤੇ ਦੂਜੀ ਵਾਰ ਸੁਫ਼ਨਾ ਵੇਖਿਆ ਅਤੇ ਵੇਖੋ, ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ
6
ਅਤੇ ਵੇਖੋ, ਉਸ ਦੇ ਬਾਅਦ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸੱਤ ਸਿੱਟੇ ਫੁੱਟ ਪਏ ।
7
ਉਹ ਪਤਲੇ ਸਿੱਟੇ ਉਨ੍ਹਾਂ ਸੱਤਾਂ ਮੋਟੇ ਅਤੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਗਏ ਤਾਂ ਫ਼ਿਰਊਨ ਜਾਗ ਉੱਠਿਆ ਅਤੇ ਜਾਣਿਆ ਕਿ ਇਹ ਸੁਫ਼ਨਾ ਹੀ ਸੀ ।
8
ਅਤੇ ਸਵੇਰੇ ਹੀ ਉਸ ਦਾ ਮਨ ਬੇਚੈਨ ਹੋ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਤੇ ਸਾਰੇ ਜੋਤਸ਼ੀ ਸੱਦ ਲਏ, ਤਦ ਫ਼ਿਰਊਨ ਨੇ ਉਨ੍ਹਾਂ ਨੂੰ ਆਪਣੇ ਸੁਫ਼ਨੇ ਦੱਸੇ ਪਰ ਕੋਈ ਵੀ ਫ਼ਿਰਊਨ ਨੂੰ ਉਨ੍ਹਾਂ ਦਾ ਅਰਥ ਨਾ ਦੱਸ ਸਕਿਆ ।
9
ਤਦ ਸਾਕੀਆਂ ਦੇ ਮੁਖੀਏ ਨੇ ਫ਼ਿਰਊਨ ਨਾਲ ਇਹ ਗੱਲ ਕੀਤੀ, ਅੱਜ ਮੈਂ ਆਪਣੇ ਪਾਪ ਨੂੰ ਯਾਦ ਕਰਦਾ ਹਾਂ ।
10
ਜਦ ਫ਼ਿਰਊਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਤਾਂ ਮੈਨੂੰ ਅਤੇ ਰਸੋਈਆਂ ਦੇ ਮੁਖੀਏ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਕੈਦ ਕੀਤਾ ।
11
ਤਦ ਅਸੀਂ ਦੋਨਾਂ ਨੇ ਇੱਕੋ ਹੀ ਰਾਤ ਵਿੱਚ ਆਪੋ ਆਪਣੇ ਅਰਥ ਅਨੁਸਾਰ ਸੁਫ਼ਨਾ ਵੇਖਿਆ ।
12
ਅੰਗ-ਰੱਖਿਅਕਾਂ ਦੇ ਪ੍ਰਧਾਨ ਦਾ ਗ਼ੁਲਾਮ ਇੱਕ ਇਬਰਾਨੀ ਜੁਆਨ, ਉੱਥੇ ਸਾਡੇ ਨਾਲ ਸੀ ਅਤੇ ਜਦ ਅਸੀਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਫ਼ਨਿਆਂ ਦਾ ਅਰਥ ਇੱਕ-ਇੱਕ ਦੇ ਸੁਫ਼ਨੇ ਦੇ ਅਰਥ ਅਨੁਸਾਰ ਦੱਸਿਆ ।
13
ਅਤੇ ਜਿਵੇਂ ਉਸ ਨੇ ਸਾਨੂੰ ਉਸ ਦਾ ਅਰਥ ਦੱਸਿਆ ਸੀ, ਉਸੇ ਤਰ੍ਹਾਂ ਹੀ ਹੋਇਆ । ਮੈਨੂੰ ਤਾਂ ਮੇਰੇ ਅਹੁਦੇ ਉੱਤੇ ਬਹਾਲ ਕੀਤਾ ਗਿਆ ਪਰ ਉਸ ਨੂੰ ਫਾਂਸੀ ਦਿੱਤੀ ।
14
ਤਦ ਫ਼ਿਰਊਨ ਨੇ ਯੂਸੁਫ਼ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੇ ਛੇਤੀ ਨਾਲ ਯੂਸੁਫ਼ ਨੂੰ ਕੈਦ ਵਿੱਚੋਂ ਕੱਢਿਆ । ਉਹ ਹਜਾਮਤ ਕਰ ਕੇ ਅਤੇ ਬਸਤਰ ਬਦਲ ਕੇ ਫ਼ਿਰਊਨ ਦੇ ਕੋਲ ਅੰਦਰ ਆਇਆ ।
15
ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਇੱਕ ਸੁਫ਼ਨਾ ਵੇਖਿਆ ਹੈ, ਅਤੇ ਉਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ । ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਫ਼ਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈਂ ।
16
ਤਦ ਯੂਸੁਫ਼ ਨੇ ਫ਼ਿਰਊਨ ਨੂੰ ਉੱਤਰ ਦਿੱਤਾ, ਇਹ ਮੇਰੀ ਸ਼ਕਤੀ ਨਹੀਂ । ਪਰਮੇਸ਼ੁਰ ਹੀ ਫ਼ਿਰਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ ।
17
ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖੋ, ਮੈਂ ਆਪਣੇ ਸੁਫ਼ਨੇ ਵਿੱਚ ਨੀਲ ਨਦੀ ਦੇ ਕੰਢੇ ਉੱਤੇ ਖੜ੍ਹਾ ਸੀ,
18
ਅਤੇ ਵੇਖੋ, ਦਰਿਆ ਵਿੱਚੋਂ ਸੱਤ ਗਾਈਆਂ ਜਿਹੜੀਆਂ ਮੋਟੀਆਂ ਅਤੇ ਸੋਹਣੀਆਂ ਸਨ, ਨਿੱਕਲੀਆਂ ਅਤੇ ਉਹ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ ।
19
ਫਿਰ ਵੇਖੋ, ਉਨ੍ਹਾਂ ਦੇ ਬਾਅਦ ਹੋਰ ਸੱਤ ਗਾਂਈਆਂ ਨਿੱਕਲੀਆਂ ਜਿਹੜੀਆਂ ਬਹੁਤ ਕਰੂਪ ਅਤੇ ਲਿੱਸੀਆਂ ਸਨ । ਅਜਿਹੀਆਂ ਕਰੂਪ ਗਾਵਾਂ ਮੈਂ ਸਾਰੇ ਮਿਸਰ ਦੇਸ਼ ਵਿੱਚ ਕਦੇ ਨਹੀਂ ਵੇਖੀਆਂ ।
20
ਤਦ ਉਹ ਲਿੱਸੀਆਂ ਅਤੇ ਕਰੂਪ ਗਾਂਈਆਂ ਪਹਿਲੀਆਂ ਸੱਤ ਤਕੜੀਆਂ ਗਾਂਈਆਂ ਨੂੰ ਖਾ ਗਈਆਂ ।
21
ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉਂ ਜੋ ਉਹ ਵੇਖਣ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਸਨ । ਤਦ ਮੈਂ ਜਾਗ ਉੱਠਿਆ ।
22
ਫੇਰ ਮੈਂ ਦੂਜਾ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ,
23
ਅਤੇ ਵੇਖੋ ਉਨ੍ਹਾਂ ਦੇ ਬਾਅਦ ਸੱਤ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਫੁੱਟ ਪਏ ।
24
ਅਤੇ ਉਨ੍ਹਾਂ ਪਤਲਿਆਂ ਸਿੱਟਿਆਂ ਨੇ ਸੱਤ ਚੰਗੇ ਸਿੱਟਿਆਂ ਨੂੰ ਨਿਗਲ ਲਿਆ । ਮੈਂ ਇਹ ਸੁਫ਼ਨਾ ਜਾਦੂਗਰਾਂ ਨੂੰ ਦੱਸਿਆ ਪਰ ਕੋਈ ਮੈਨੂੰ ਇਸ ਦਾ ਅਰਥ ਨਾ ਦੱਸ ਸਕਿਆ ।
25
ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, ਫ਼ਿਰਊਨ ਦਾ ਸੁਫ਼ਨਾ ਇੱਕੋ ਹੀ ਹੈ । ਪਰਮੇਸ਼ੁਰ ਜੋ ਕੁਝ ਕਰਨ ਵਾਲਾ ਹੈ, ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ ।
26
ਇਹ ਸੱਤ ਚੰਗੀਆਂ ਗਾਂਈਆਂ ਸੱਤ ਸਾਲ ਹਨ ਅਤੇ ਇਹ ਸੱਤ ਸਿੱਟੇ ਵੀ ਸੱਤ ਸਾਲ ਹਨ । ਇਹ ਸੁਫ਼ਨਾ ਇੱਕੋ ਹੀ ਹੈ ।
27
ਅਤੇ ਉਹ ਲਿੱਸੀਆਂ ਅਤੇ ਕਰੂਪ ਸੱਤ ਗਾਈਆਂ ਜਿਹੜੀਆਂ ਉਨ੍ਹਾਂ ਦੇ ਬਾਅਦ ਨਿੱਕਲੀਆਂ, ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ ।
28
ਇਹ ਇਹੋ ਹੀ ਗੱਲ ਹੈ ਜਿਹੜੀ ਮੈਂ ਫ਼ਿਰਊਨ ਨਾਲ ਕੀਤੀ ਹੈ ਕਿ ਪਰਮੇਸ਼ੁਰ ਜੋ ਕੁਝ ਕਰਨ ਨੂੰ ਹੈ, ਉਹ ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ ।
29
ਵੇਖੋ, ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰੀ ਦੇ ਆਉਣ ਵਾਲੇ ਹਨ ।
30
ਪਰ ਉਨ੍ਹਾਂ ਦੇ ਬਾਅਦ ਸੱਤ ਸਾਲ ਕਾਲ ਦੇ ਹੋਣਗੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਵੇਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ ।
31
ਉਸ ਕਾਲ ਦੇ ਕਾਰਨ ਦੇਸ਼ ਵਿੱਚ ਭਰਪੂਰੀ ਨੂੰ ਯਾਦ ਨਾ ਰੱਖਿਆ ਜਾਵੇਗਾ ਕਿਉਂ ਜੋ ਕਾਲ ਬਹੁਤ ਹੀ ਭਾਰਾ ਹੋਵੇਗਾ ।
32
ਇਹ ਸੁਫ਼ਨਾ ਫ਼ਿਰਊਨ ਨੂੰ ਦੋ ਵਾਰ ਇਸ ਲਈ ਵਿਖਾਇਆ ਗਿਆ ਹੈ ਕਿਉਂ ਜੋ ਇਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਤੇ ਪਰਮੇਸ਼ੁਰ ਇਸ ਨੂੰ ਜਲਦ ਹੀ ਪੂਰਾ ਕਰੇਗਾ ।
33
ਇਸ ਲਈ ਹੁਣ ਫ਼ਿਰਊਨ ਇੱਕ ਸਿਆਣੇ ਅਤੇ ਬੁੱਧਵਾਨ ਮਨੁੱਖ ਨੂੰ ਲੱਭੇ ਅਤੇ ਉਸ ਨੂੰ ਮਿਸਰ ਦੇਸ਼ ਉੱਤੇ ਠਹਿਰਾਵੇ ।
34
ਫ਼ਿਰਊਨ ਅਜਿਹਾ ਕਰੇ ਕਿ ਇਸ ਦੇਸ਼ ਉੱਤੇ ਅਧਿਕਾਰੀਆਂ ਨੂੰ ਨਿਯੁਕਤ ਕਰੇ ਅਤੇ ਉਹ ਮਿਸਰ ਦੀ ਸੱਤ ਸਾਲ ਦੀ ਭਰਪੂਰੀ ਦਾ ਪੰਜਵਾਂ ਹਿੱਸਾ ਲਿਆ ਕਰੇ ।
35
ਉਹ ਇਨ੍ਹਾਂ ਆਉਣ ਵਾਲਿਆਂ ਚੰਗਿਆਂ ਸਾਲਾਂ ਦਾ ਸਾਰਾ ਅੰਨ ਇਕੱਠਾ ਕਰਨ ਅਤੇ ਫ਼ਿਰਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ ।
36
ਤਦ ਉਹੀ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ਼ ਨਾ ਹੋ ਜਾਵੇ ।