1
ਸੱਪ ਸਭ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ, ਚਲਾਕ ਸੀ ਅਤੇ ਉਸ ਨੇ ਇਸਤਰੀ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ-ਮੁੱਚ ਆਖਿਆ ਹੈ ਕਿ ਬਾਗ਼ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਓ ?
2
ਇਸਤਰੀ ਨੇ ਸੱਪ ਨੂੰ ਆਖਿਆ, ਬਾਗ਼ ਦੇ ਸਾਰੇ ਰੁੱਖਾਂ ਦੇ ਫਲ ਤਾਂ ਅਸੀਂ ਖਾ ਸਕਦੇ ਹਾਂ
3
ਪਰ ਜਿਹੜਾ ਰੁੱਖ ਬਾਗ਼ ਦੇ ਵਿਚਕਾਰ ਹੈ ਉਸ ਦੇ ਫਲ ਨੂੰ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ।
4
ਪਰ ਸੱਪ ਨੇ ਇਸਤਰੀ ਨੂੰ ਆਖਿਆ ਕਿ ਤੁਸੀਂ ਕਦੀ ਨਹੀਂ ਮਰੋਗੇ ।
5
ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਫਲ ਨੂੰ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਦੀ ਤਰ੍ਹਾਂ ਭਲੇ ਬੁਰੇ ਦੀ ਸਮਝ ਵਾਲੇ ਹੋ ਜਾਓਗੇ ।
6
ਜਦ ਇਸਤਰੀ ਨੇ ਵੇਖਿਆ ਕਿ ਉਸ ਰੁੱਖ ਦਾ ਫਲ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਸ ਰੁੱਖ ਦਾ ਫਲ ਬੁੱਧ ਦੇਣ ਦੇ ਯੋਗ ਹੈ ਤਾਂ ਉਸ ਨੇ ਉਹ ਦੇ ਫਲ ਨੂੰ ਲਿਆ ਤੇ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ ।
7
ਤਦ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ, ਜੋ ਅਸੀਂ ਨੰਗੇ ਹਾਂ ਇਸ ਲਈ ਉਨ੍ਹਾਂ ਨੇ ਹੰਜ਼ੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ ।
8
ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ, ਜਦ ਉਹ ਬਾਗ਼ ਵਿੱਚ ਸ਼ਾਮ ਦੇ ਠੰਡੇ ਵੇਲੇ ਚਲਦਾ ਫਿਰਦਾ ਸੀ । ਉਸ ਆਦਮੀ ਅਤੇ ਉਹ ਦੀ ਪਤਨੀ ਨੇ ਆਪਣੇ ਨੂੰ ਬਾਗ਼ ਦੇ ਰੁੱਖਾਂ ਦੇ ਵਿਚਕਾਰ ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾ ਲਿਆ ।
9
ਤਦ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ ?
10
ਉਸ ਨੇ ਆਖਿਆ, ਮੈਂ ਬਾਗ਼ ਵਿੱਚ ਤੇਰੀ ਅਵਾਜ਼ ਸੁਣ ਕੇ ਡਰ ਗਿਆ ਕਿਉਂ ਜੋ ਮੈਂ ਨੰਗਾ ਸੀ ਇਸ ਲਈ ਮੈਂ ਆਪਣੇ ਆਪ ਨੂੰ ਲੁਕਾ ਲਿਆ ।
11
ਉਸ ਨੇ ਪੁਛਿਆ, ਤੈਨੂੰ ਕਿਸ ਨੇ ਦੱਸਿਆ ਜੋ ਤੂੰ ਨੰਗਾ ਹੈਂ ? ਜਿਸ ਰੁੱਖ ਤੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਦਾ ਫਲ ਨਾ ਖਾਵੀਂ ਕੀ ਤੂੰ ਉਸ ਦਾ ਫਲ ਖਾਧਾ ਹੈ ?
12
ਫੇਰ ਆਦਮ ਨੇ ਜਵਾਬ ਦਿੱਤਾ ਕਿ ਜਿਹੜੀ ਇਸਤਰੀ ਤੂੰ ਮੈਨੂੰ ਦਿੱਤੀ, ਉਸ ਨੇ ਉਸ ਰੁੱਖ ਦਾ ਫਲ ਮੈਨੂੰ ਦਿੱਤਾ ਇਸ ਲਈ ਮੈਂ ਖਾ ਲਿਆ ।
13
ਤਦ ਯਹੋਵਾਹ ਪਰਮੇਸ਼ੁਰ ਨੇ ਇਸਤਰੀ ਨੂੰ ਆਖਿਆ, ਤੂੰ ਇਹ ਕੀ ਕੀਤਾ ? ਇਸਤਰੀ ਨੇ ਆਖਿਆ, ਸੱਪ ਨੇ ਮੈਨੂੰ ਭਰਮਾਇਆ ਤਦ ਮੈਂ ਉਸ ਫਲ ਨੂੰ ਖਾਧਾ ।