1
ਜਦ ਇਸਹਾਕ ਵੱਡੀ ਉਮਰ ਦਾ ਹੋ ਗਿਆ, ਉਸ ਦੀਆਂ ਅੱਖਾਂ ਧੁੰਦਲਾ ਗਈਆਂ ਕਿ ਉਹ ਵੇਖ ਨਹੀਂ ਸਕਦਾ ਸੀ । ਤਦ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਸੱਦ ਕੇ ਆਖਿਆ, ਮੇਰੇ ਪੁੱਤਰ, ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।
2
ਤਦ ਉਸ ਆਖਿਆ, ਵੇਖ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ ।
3
ਸੋ ਤੂੰ ਹੁਣ ਆਪਣੇ ਸ਼ਸਤਰ ਅਰਥਾਤ ਧਣੁਖ ਅਤੇ ਤਰਕਸ਼ ਲੈ ਅਤੇ ਮੈਦਾਨ ਵਿੱਚ ਜਾ ਕੇ ਮੇਰੇ ਲਈ ਸ਼ਿਕਾਰ ਮਾਰ,
4
ਅਤੇ ਮੇਰੇ ਲਈ ਸੁਆਦਲਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲਗਦਾ ਹੈ, ਅਤੇ ਮੇਰੇ ਅੱਗੇ ਪਰੋਸ ਤਾਂ ਜੋ ਮੈਂ ਖਾਵਾਂ ਅਤੇ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ।
5
ਜਦ ਇਸਹਾਕ ਆਪਣੇ ਪੁੱਤਰ ਏਸਾਓ ਨਾਲ ਗੱਲ ਕਰਦਾ ਸੀ ਤਦ ਰਿਬਕਾਹ ਸੁਣਦੀ ਸੀ । ਫੇਰ ਏਸਾਓ ਮੈਦਾਨ ਵੱਲ ਚਲਾ ਗਿਆ ਕਿ ਸ਼ਿਕਾਰ ਮਾਰ ਕੇ ਲੈ ਆਵੇ ।
6
ਤਦ ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਆਖਦੇ ਸੁਣਿਆ
7
ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਹੋਵਾਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ।
8
ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ ।
9
ਇੱਜੜ ਵਿੱਚ ਜਾ ਕੇ ਉੱਥੋਂ ਮੇਰੇ ਲਈ ਬਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂ ਜੋ ਮੈਂ ਉਨ੍ਹਾਂ ਤੋਂ ਸੁਆਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹ ਨੂੰ ਚੰਗਾ ਲੱਗਦਾ ਹੈ, ਤਿਆਰ ਕਰਾਂ ।
10
ਅਤੇ ਆਪਣੇ ਪਿਤਾ ਕੋਲ ਲੈ ਜਾ ਤਾਂ ਜੋ ਉਹ ਖਾਵੇ ਅਤੇ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ ।
11
ਪਰ ਯਾਕੂਬ ਨੇ ਆਪਣੀ ਮਾਤਾ ਰਿਬਕਾਹ ਨੂੰ ਆਖਿਆ, ਵੇਖ ਮੇਰਾ ਭਰਾ ਏਸਾਓ ਜੱਤਵਾਲਾ ਮਨੁੱਖ ਹੈ ਅਤੇ ਮੈਂ ਰੋਮ ਹੀਣ ਮਨੁੱਖ ਹਾਂ ।
12
ਸ਼ਾਇਦ ਮੇਰਾ ਪਿਤਾ ਮੈਨੂੰ ਟੋਹੇ ਅਤੇ ਮੈਂ ਉਹ ਦੀਆਂ ਅੱਖਾਂ ਵਿੱਚ ਧੋਖੇਬਾਜ਼ ਹੋਵਾਂ ਤਾਂ ਮੈਂ ਆਪਣੇ ਉੱਤੇ ਬਰਕਤ ਨਹੀਂ ਪਰ ਸਰਾਪ ਲਵਾਂ ਤਦ ਉਸ ਦੀ ਮਾਤਾ ਨੇ ਉਸ ਨੂੰ ਆਖਿਆ, ਮੇਰੇ ਪੁੱਤਰ ਤੇਰਾ ਸਰਾਪ ਮੇਰੇ ਉੱਤੇ ਆਵੇ ।
13
ਤੂੰ ਸਿਰਫ਼ ਮੇਰੀ ਗੱਲ ਸੁਣ ਅਤੇ ਜਾ ਕੇ ਮੇਰੇ ਲਈ ਉਨ੍ਹਾਂ ਨੂੰ ਲੈ ਆ ।
14
ਤਦ ਉਸ ਨੇ ਜਾ ਕੇ ਉਨ੍ਹਾਂ ਨੂੰ ਫੜਿਆ, ਆਪਣੀ ਮਾਤਾ ਕੋਲ ਲੈ ਆਇਆ ਅਤੇ ਉਸ ਦੀ ਮਾਤਾ ਨੇ ਸੁਆਦਲਾ ਭੋਜਨ ਜਿਹੜਾ ਉਸ ਦੇ ਪਿਤਾ ਨੂੰ ਚੰਗਾ ਲਗਦਾ ਸੀ, ਤਿਆਰ ਕੀਤਾ ।
15
ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਬਸਤਰ ਜਿਹੜੇ ਘਰ ਵਿੱਚ ਉਸ ਦੇ ਕੋਲ ਸਨ, ਆਪਣੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾਏ
16
ਅਤੇ ਮੇਮਣਿਆਂ ਦੀਆਂ ਖੱਲਾਂ ਉਸ ਦੇ ਹੱਥਾਂ ਅਤੇ ਉਸ ਦੀ ਰੋਮ ਹੀਣ ਗਰਦਨ ਉੱਤੇ ਲਪੇਟੀਆਂ ।
17
ਉਸ ਨੇ ਉਹ ਸੁਆਦਲਾ ਭੋਜਨ ਅਤੇ ਰੋਟੀ ਜਿਸ ਨੂੰ ਉਸ ਨੇ ਤਿਆਰ ਕੀਤਾ ਸੀ, ਆਪਣੇ ਪੁੱਤਰ ਯਾਕੂਬ ਦੇ ਹੱਥ ਵਿੱਚ ਦਿੱਤਾ ।
18
ਤਦ ਉਸ ਨੇ ਆਪਣੇ ਪਿਤਾ ਕੋਲ ਜਾ ਕੇ ਆਖਿਆ, ਪਿਤਾ ਜੀ ਤਦ ਉਸ ਆਖਿਆ, ਕੀ ਗੱਲ ਹੈ ?
19
ਤੂੰ ਕੌਣ ਹੈਂ ਮੇਰੇ ਪੁੱਤਰ ? ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਏਸਾਓ ਤੇਰਾ ਪਹਿਲੌਠਾ ਪੁੱਤਰ ਹਾਂ । ਮੈਂ ਜਿਵੇਂ ਤੁਸੀਂ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਕੀਤਾ । ਉੱਠੋ ਅਤੇ ਸ਼ਿਕਾਰ ਨੂੰ ਖਾਓ ਤਾਂ ਜੋ ਤੁਸੀਂ ਮੈਨੂੰ ਦਿਲ ਤੋਂ ਬਰਕਤ ਦੇਵੋ ।
20
ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, ਤੈਨੂੰ ਐਨੀ ਜਲਦੀ ਇਹ ਕਿਵੇਂ ਮਿਲ ਗਿਆ, ? ਤਦ ਉਸ ਨੇ ਆਖਿਆ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹ ਨੂੰ ਮੇਰੇ ਅੱਗੇ ਲਿਆ ਦਿੱਤਾ ।
21
ਇਸਹਾਕ ਨੇ ਯਾਕੂਬ ਨੂੰ ਆਖਿਆ, ਹੇ ਮੇਰੇ ਪੁੱਤਰ ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਵੇਖਾਂ ਭਈ ਤੂੰ ਮੇਰਾ ਉਹੀ ਪੁੱਤਰ ਏਸਾਓ ਹੈਂ ਕਿ ਨਹੀਂ ।
22
ਤਦ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਤੇ ਉਸ ਉਹ ਨੂੰ ਹੱਥ ਲਗਾ ਕੇ ਆਖਿਆ, ਤੇਰੀ ਅਵਾਜ਼ ਤਾਂ ਯਾਕੂਬ ਦੀ ਹੈ ਪਰ ਹੱਥ ਏਸਾਓ ਦੇ ਹਨ ।
23
ਉਸ ਨੇ ਉਹ ਨੂੰ ਨਾ ਪਛਾਣਿਆ ਕਿਉਂ ਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਜਤਾਉਲੇ ਸਨ, ਤਦ ਉਸ ਨੇ ਉਹ ਨੂੰ ਬਰਕਤ ਦਿੱਤੀ ।
24
ਇਸਹਾਕ ਨੇ ਆਖਿਆ, ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ ? ਤਦ ਉਸ ਆਖਿਆ, ਮੈਂ ਹਾਂ ।
25
ਉਸ ਨੇ ਆਖਿਆ, ਉਹ ਨੂੰ ਮੇਰੇ ਨੇੜੇ ਲਿਆ ਭਈ ਮੈਂ ਆਪਣੇ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਵਾਂ ਤਾਂ ਜੋ ਮੇਰਾ ਦਿਲ ਤੈਨੂੰ ਬਰਕਤ ਦੇਵੇ ਤਾਂ ਉਹ ਉਸ ਦੇ ਕੋਲ ਲੈ ਗਿਆ ਅਤੇ ਉਸ ਨੇ ਭੋਜਨ ਖਾਧਾ ਅਤੇ ਉਸ ਦੇ ਲਈ ਮਧ ਲਿਆਇਆ ਅਤੇ ਇਸਹਾਕ ਨੇ ਪੀਤੀ ।
26
ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ ।
27
ਫੇਰ ਉਸ ਨੇ ਨੇੜੇ ਜਾ ਕੇ ਉਸ ਨੂੰ ਚੁੰਮਿਆ ਤਾਂ ਉਸ ਦੇ ਬਸਤਰ ਦੀ ਬਾਸ਼ਨਾ ਸੁੰਘੀ ਅਤੇ ਉਸ ਨੂੰ ਬਰਕਤ ਦਿੱਤੀ । ਫੇਰ ਆਖਿਆ - ਵੇਖ, ਮੇਰੇ ਪੁੱਤਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ, ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ ।
28
ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ, ਅਤੇ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ ।
29
ਕੌਮਾਂ ਤੇਰੀ ਸੇਵਾ ਕਰਨ ਅਤੇ ਉੱਮਤਾਂ ਤੇਰੇ ਅੱਗੇ ਝੁੱਕਣ । ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇ ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁੱਕਣ । ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ, ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ ।