1
ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਲੋਕ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ ।
2
ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ ।
3
ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ।
4
ਸੋ ਯਹੋਵਾਹ ਦੇ ਬਚਨ ਅਨੁਸਾਰ ਅਬਰਾਮ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ । ਜਦੋਂ ਅਬਰਾਮ ਹਾਰਾਨ ਦੇਸ਼ ਤੋਂ ਨਿੱਕਲਿਆ, ਉਸ ਸਮੇਂ ਉਹ ਪੰਝੱਤਰ ਸਾਲ ਦਾ ਸੀ ।
5
ਇਸ ਤਰ੍ਹਾਂ ਅਬਰਾਮ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ ਅਤੇ ਉਸ ਸਾਰੇ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪ੍ਰਾਪਤ ਕੀਤਾ ਸੀ, ਲੈ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ ਅਤੇ ਉਹ ਕਨਾਨ ਦੇਸ਼ ਵਿੱਚ ਆ ਗਏ ।
6
ਅਬਰਾਮ ਉਸ ਦੇਸ਼ ਵਿੱਚੋਂ ਲੰਘਦੇ ਹੋਏ ਸ਼ਕਮ ਨੂੰ ਜਿੱਥੇ ਮੋਰਹ ਦੇ ਬਲੂਤ ਹਨ, ਪਹੁੰਚ ਗਿਆ । ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ ।
7
ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਆਖਿਆ, ਇਹ ਦੇਸ਼ ਮੈਂ ਤੇਰੀ ਅੰਸ ਨੂੰ ਦਿਆਂਗਾ । ਤਦ ਅਬਰਾਮ ਨੇ ਉੱਥੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ।
8
ਤਦ ਉੱਥੋਂ ਉਹ ਇੱਕ ਪਹਾੜ ਨੂੰ ਆਇਆ ਜੋ ਬੈਤ-ਏਲ ਤੋਂ ਪੂਰਬ ਵੱਲ ਹੈ, ਅਤੇ ਉੱਥੇ ਜਾ ਕੇ ਆਪਣਾ ਤੰਬੂ ਲਾਇਆ । ਜਿੱਥੋਂ ਪੱਛਮ ਵੱਲ ਬੈਤ-ਏਲ ਅਤੇ ਪੂਰਬ ਵੱਲ ਅਈ ਹੈ, ਉੱਥੇ ਵੀ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਨੂੰ ਪੁਕਾਰਿਆ ।
9
ਅਬਰਾਮ ਸਫ਼ਰ ਕਰਦਾ-ਕਰਦਾ ਦੱਖਣ ਵੱਲ ਤੁਰਦਾ ਗਿਆ ।